ਪੰਜਾਬ ਦੇ ਨਗਰ ਨਿਗਮਾਂ ਅਤੇ ਕੌਂਸਲਾਂ ਚੋਣਾਂ ਲਈ ਐਲਾਨਿਆ ਗਿਆ ਚੋਣ ਪ੍ਰੋਗਰਾਮ

Punjab Mode
3 Min Read

ਨਵਾਂ ਚੋਣ ਪ੍ਰੋਗਰਾਮ ਤੇ ਆਦਰਸ਼ ਚੋਣ ਜ਼ਾਬਤਾ ਲਾਗੂ
ਪੰਜਾਬ ਰਾਜ ਚੋਣ ਕਮਿਸ਼ਨ ਨੇ ਨਗਰ ਨਿਗਮਾਂ, ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਹ ਚੋਣਾਂ 21 ਦਸੰਬਰ ਨੂੰ ਹੋਣਗੀਆਂ। ਚੋਣਾਂ ਦਾ ਇਹ ਐਲਾਨ ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਆਇਆ ਹੈ। ਕਰੀਬ ਡੇਢ ਸਾਲ ਪਹਿਲਾਂ ਕੁਝ ਨਗਰ ਨਿਗਮਾਂ ਅਤੇ ਕੌਂਸਲਾਂ ਦਾ ਕਾਰਜਕਾਲ ਸਮਾਪਤ ਹੋ ਗਿਆ ਸੀ। ਚੋਣਾਂ ਦੇ ਐਲਾਨ ਦੇ ਨਾਲ ਹੀ ਆਦਰਸ਼ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ, ਜੋ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਚੱਲੇਗਾ।

ਵੋਟਾਂ ਪਾਉਣ ਦੀ ਤਾਰੀਖ ਅਤੇ ਚੋਣ ਨਤੀਜੇ
ਚੋਣ ਕਮਿਸ਼ਨਰ ਆਰ.ਕੇ. ਚੌਧਰੀ ਨੇ ਦੱਸਿਆ ਕਿ 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਉਹੇ ਦਿਨ ਚੋਣ ਨਤੀਜੇ ਐਲਾਨੇ ਜਾਣਗੇ। ਇਨ੍ਹਾਂ ਚੋਣਾਂ ਲਈ EVM ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਚੋਣ ਕਮਿਸ਼ਨ ਨੇ 37,32,636 ਵੋਟਰਾਂ ਦੇ ਹੱਕ ਦੀ ਸਹੂਲਤ ਲਈ ਪ੍ਰਬੰਧ ਕੀਤੇ ਹਨ, ਜਿਸ ਵਿੱਚ 19,55,888 ਪੁਰਸ਼, 17,76,544 ਮਹਿਲਾਵਾਂ ਅਤੇ 204 ਹੋਰ ਵੋਟਰ ਹਨ।

ਵਿਸ਼ੇਸ਼ ਚੋਣ ਪ੍ਰਬੰਧ ਅਤੇ ਸੁਰੱਖਿਆ ਮਿਆਰ
ਇਨ੍ਹਾਂ ਚੋਣਾਂ ਲਈ ਕੁੱਲ 1609 ਪੋਲਿੰਗ ਸਟੇਸ਼ਨ ਤੇ 3809 ਪੋਲਿੰਗ ਬੂਥ ਬਣਾਏ ਗਏ ਹਨ। ਜਿਨ੍ਹਾਂ ਵਿੱਚੋਂ 344 ਪੋਲਿੰਗ ਸਟੇਸ਼ਨ ਅਤਿ-ਸੰਵੇਦਨਸ਼ੀਲ ਅਤੇ 665 ਸੰਵੇਦਨਸ਼ੀਲ ਵਜੋਂ ਘੋਸ਼ਿਤ ਹਨ। ਅਤਿ-ਸੰਵੇਦਨਸ਼ੀਲ ਖੇਤਰਾਂ ਵਿੱਚ ਵਾਧੂ ਫੋਰਸ ਤਾਇਨਾਤ ਕੀਤੀ ਜਾਵੇਗੀ। ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 21,500 ਪੁਲਿਸ ਅਤੇ ਹੋਮ ਗਾਰਡ ਦੇ ਜਵਾਨ ਤਾਇਨਾਤ ਕੀਤੇ ਜਾਣਗੇ।

ਉਮੀਦਵਾਰਾਂ ਲਈ ਖ਼ਰਚ ਸੀਮਾ ਅਤੇ ਚੋਣ ਤਰੀਕਾਂ
ਨਗਰ ਨਿਗਮ ਦੇ ਉਮੀਦਵਾਰਾਂ ਲਈ ਚੋਣ ਖ਼ਰਚ ਦੀ ਹੱਦ 4 ਲੱਖ ਰੁਪਏ, ਜਦੋਂ ਕਿ ਨਗਰ ਪੰਚਾਇਤ ਉਮੀਦਵਾਰਾਂ ਲਈ 1.40 ਲੱਖ ਰੁਪਏ ਤੈਅ ਕੀਤੀ ਗਈ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਤਰੀਖ 9 ਦਸੰਬਰ ਤੋਂ ਸ਼ੁਰੂ ਹੋਵੇਗੀ, ਜੋ 12 ਦਸੰਬਰ ਦੀ ਦੁਪਹਿਰ 3 ਵਜੇ ਤੱਕ ਚੱਲੇਗੀ।

ਸਿਆਸੀ ਪ੍ਰੀਖਿਆ ਬਣੀਆਂ ਚੋਣਾਂ
ਇਹ ਚੋਣਾਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਲਈ ਪ੍ਰੀਖਿਆ ਸਾਬਤ ਹੋਣਗੀਆਂ। AAP, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੇ ਚੋਣਾਂ ਵਿੱਚ ਆਪਣੀ ਪਕੜ ਮਜਬੂਤ ਕਰਨ ਲਈ ਵੱਖ-ਵੱਖ ਰਣਨੀਤੀਆਂ ਬਣਾਈਆਂ ਹਨ। ਇਹ ਚੋਣਾਂ ਦੇ ਨਤੀਜੇ ਦਿੱਲੀ ਚੋਣਾਂ ਤੇ ਵੀ ਅਸਰ ਕਰਨਗੇ।

ਵਿਵਾਦ: ਚੋਣ ਮਿਤੀ ਬਦਲਣ ਦੀ ਮੰਗ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਦਲ ਨੇ 21 ਦਸੰਬਰ ਨੂੰ ਚੋਣਾਂ ਕਰਵਾਉਣ ‘ਤੇ ਵਿਰੋਧ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਿਤੀ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ ਕਿਉਂਕਿ ਇਸ ਮਿਤੀ ਦੇ ਆਸ-ਪਾਸ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਹਨ। ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਚੋਣਾਂ ਜਨਵਰੀ ਵਿੱਚ ਕਰਵਾਈਆਂ ਜਾਣ।

Share this Article
Leave a comment