ਆਸਟਰੇਲੀਆ ਵਿੱਚ ਗੁਰਬਾਣੀ ਦੀ ਬੇਅਦਬੀ ਦੇ ਮਾਮਲੇ ਵਿਚ ਕਥਿਤ ਦੋਸ਼ੀ ਦਾ ਵੀਜ਼ਾ ਰੱਦ

2 Min Read

ਆਸਟਰੇਲੀਆ ਨੇ ਗੁਰਬਾਣੀ ਦੀ ਬੇਅਦਬੀ ਅਤੇ ਗੁਟਕਾ ਸਾਹਿਬ ਦੇ ਅੰਗ ਖਿਲਾਰਨ ਵਾਲੇ ਕਥਿਤ ਦੋਸ਼ੀ ਦਾ ਵੀਜ਼ਾ ਰੱਦ ਕਰਦਿਆਂ ਉਸ ਨੂੰ ਦੇਸ਼ ’ਚੋਂ ਕੱਢਣ ਦਾ ਫ਼ੈਸਲਾ ਕੀਤਾ ਹੈ। ਇਹ ਮਾਮਲਾ ਅਗਸਤ ਵਿੱਚ ਉਸ ਸਮੇਂ ਚਰਚਾ ਦਾ ਵਿਸ਼ਾ ਬਣਿਆ, ਜਦੋਂ ਪਰਥ ਸਥਿਤ ਗੁਰਦੁਆਰਾ ਕੈਨਿੰਗਵੇਲ ਦੇ ਬਾਹਰ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ।

ਦੋਸ਼ੀ ਦੀ ਗ੍ਰਿਫ਼ਤਾਰੀ ਅਤੇ ਅਦਾਲਤੀ ਕਾਰਵਾਈ

ਬੇਅਦਬੀ ਦੇ ਦੋਸ਼ ਹੇਠ ਖਿਜਾਰ ਹਿਆਤ (21) ਨੂੰ ਵੈਸਟਰਨ ਆਸਟਰੇਲੀਆ ਪੁਲੀਸ ਨੇ ਘਟਨਾ ਤੋਂ ਕੁਝ ਦਿਨਾਂ ਬਾਅਦ ਗ੍ਰਿਫ਼ਤਾਰ ਕੀਤਾ। ਉਸ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਪਰ ਕਾਨੂੰਨੀ ਤੌਰ ’ਤੇ ਉਸ ਨੂੰ ਸਖ਼ਤ ਸਜ਼ਾ ਨਾ ਮਿਲਣ ਕਾਰਨ ਸਿੱਖ ਸੰਸਥਾਵਾਂ ਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ ’ਤੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ।

ਆਵਾਸ ਮੰਤਰੀ ਦਾ ਫ਼ੈਸਲਾ

ਇਸ ਮਾਮਲੇ ਵਿੱਚ ਸਖ਼ਤ ਰਵਾਇਆ ਅਪਣਾਉਂਦਿਆਂ, ਆਸਟਰੇਲੀਆ ਦੇ ਆਵਾਸ ਮੰਤਰੀ ਟੋਨੀ ਬਰਕ ਨੇ ਖਿਜਾਰ ਹਿਆਤ ਦਾ ਵੀਜ਼ਾ ਰੱਦ ਕਰਕੇ ਉਸ ਨੂੰ ਮੁਲਕ ’ਚੋਂ ਕੱਢਣ ਦਾ ਹੁਕਮ ਦਿੱਤਾ ਹੈ। ਹੁਣ ਖਿਜਾਰ ਹਿਆਤ ਆਵਾਸ ਬੰਦੀ ਕੇਂਦਰ ਵਿੱਚ ਨਜ਼ਰਬੰਦ ਹੈ ਅਤੇ ਜਲਦੀ ਹੀ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ।

ਸਿੱਖ ਭਾਈਚਾਰੇ ਦੀ ਪ੍ਰਤੀਕਿਰਿਆ

ਸਿੱਖ ਐਸੋਸੀਏਸ਼ਨ ਆਫ਼ ਵੈਸਟਰਨ ਆਸਟਰੇਲੀਆ ਨੇ ਮੰਤਰੀ ਟੋਨੀ ਬਰਕ ਅਤੇ ਸੂਬਾ ਸੰਸਦ ਮੈਂਬਰ ਸੈਮ ਲਿਮ ਦਾ ਸਹਿਯੋਗ ਲਈ ਧੰਨਵਾਦ ਕੀਤਾ ਹੈ। ਸੰਗਠਨ ਨੇ ਇਸ ਮਾਮਲੇ ਵਿੱਚ ਨਿਆਂ ਦੀ ਪੂਰੀ ਉਮੀਦ ਜਤਾਈ ਹੈ ਅਤੇ ਗੁਰਬਾਣੀ ਦੀ ਇਜ਼ਜ਼ਤ ਬਰਕਰਾਰ ਰੱਖਣ ਲਈ ਸਰਕਾਰ ਦੇ ਇਸ ਕਦਮ ਨੂੰ ਸਹੀ ਠਹਿਰਾਇਆ ਹੈ।

Share this Article
Leave a comment

Leave a Reply

Your email address will not be published. Required fields are marked *

Exit mobile version